ਬਾਰਡਰ ਸੀਲ ਕਰਨ ਜਾ ਰਹੀ ਹਰਿਆਣਾ ਪੁਲਿਸ, ਕਿਸਾਨਾਂ ਦੇ ਦਿੱਲੀ ਅੰਦੋਲਨ ਤੋਂ ਪਹਿਲਾਂ

Spread the love

ਕਿਸਾਨਾਂ ਦੇ ਦਿੱਲੀ ਅੰਦੋਲਨ ਤੋਂ ਪਹਿਲਾਂ ਬਾਰਡਰ ਸੀਲ ਕਰਨ ਜਾ ਰਹੀ ਹਰਿਆਣਾ ਪੁਲਿਸ,ਸ਼ੰਭੂ ਬਾਰਡਰ ‘ਤੇ ਮੰਗਵਾਏ ਜਾ ਰਹੇ ਵੱਡੇ ਵੱਡੇ ਬੈਰੀਕੇਡ, ਕਹਿੰਦੇ ਇਸ ਵਾਰ ਨਹੀਂ ਟੱਪਣ ਦਿਆਂਗੇ ਪੰਜਾਬ-ਹਰਿਆਣਾ ਦਾ ਬਾਰਡਰ

ਫਿਰ ਤੋਂ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਐ, ਜਿਸ ਦੇ ਤਹਿਤ ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਹਜ਼ਾਰਾਂ ਟਰੈਕਟਰਾਂ ਦੇ ਨਾਲ ਇਕ ਵਾਰ ਫਿਰ ਤੋਂ ਦਿੱਲੀ ਵੱਲ ਕੂਚ ਕਰਨਗੀਆਂ ਪਰ ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਹਰਿਆਣਾ ਦੀ ਪੁਲਿਸ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀ ਐ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਹੁਣੇ ਤੋਂ ਪੰਜਾਬ ਨਾਲ ਲਗਦੇ ਬਾਰਡਰਾਂ ਨੂੰ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜਿਸ ਨੂੰ ਦੇਖ ਕੇ ਇੰਝ ਲਗਦਾ ਏ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਦੇ ਬਾਰਡਰ ’ਤੇ ਕਿਸਾਨਾਂ ਦਾ ਪੁਲਿਸ ਨਾਲ ਪੇਚਾ ਪਵੇਗਾ।

ਜਿੱਥੇ ਇਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ, ਉਥੇ ਹੀ ਹਰਿਆਣਾ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ। ਹਰਿਆਣਾ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਖਨੌਰੀ ਬਾਰਡਰ ਰਾਹੀਂ ਦਿੱਲੀ ਜਾਣ ਤੋਂ ਰੋਕਣ ਲਈ ਭਾਰੀ ਮਾਤਰਾ ਵਿਚ ਬੈਰੀਕੇਡ ਪਹੁੰਚਾ ਦਿੱਤੇ ਗਏ ਨੇ। ਪੁਲਿਸ ਵੱਲੋਂ ਸੰਗਰੂਰ-ਦਿੱਲੀ ਮੁੱਖ ਮਾਰਗ ’ਤੇ ਸਥਿਤ ਕਸਬਾ ਖਨੌਰੀ ਨੇੜੇ ਲੋਹੇ ਦੇ ਬੈਰੀਕੇਡ ਤੇ ਰੋਡ ਕਿਨਾਰੇ ਪਈਆਂ ਸੀਮਿੰਟ ਦੀਆਂ ਸਲੈਬਾਂ ਵੀ ਲਗਾਈਆਂ ਜਾ ਰਹੀਆਂ ਨੇ।

ਹਰਿਆਣਾ ਪੁਲਿਸ ਦੀ ਇਸ ਤਿਆਰੀ ਨੂੰ ਦੇਖ ਕੇ ਇੰਝ ਲਗਦਾ ਏ ਕਿ ਇਸ ਵਾਰ ਫਿਰ ਹਰਿਆਣਾ ਪੁਲਿਸ ਦਾ ਕਿਸਾਨਾਂ ਨਾਲ ਤਕੜਾ ਪੇਚਾ ਪਵੇਗਾ। ਪਿਛਲੀ ਵਾਰ ਵੀ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰਾਂ ’ਤੇ ਰੋਕਿਆ ਗਿਆ ਸੀ ਪਰ ਕਿਸਾਨ ਟਰੈਕਟਰਾਂ ਨਾਲ ਬੈਰੀਕੇਡ ਤੋੜ ਕੇ ਅੱਗੇ ਨਿਕਲ ਗਏ ਸੀ। 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਦਿੱਲੀ ਕੂਚ ਕੀਤਾ ਜਾ ਰਿਹਾ ਏ, ਜਿਸ ਦੇ ਲਈ ਕਿਸਾਨ ਆਗੂਆਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਏ। ਇਸ ਸਬੰਧੀ ਕਿਸਾਨਾਂ ਵੱਲੋਂ ਕੁੱਝ ਦਿਨ ਪਹਿਲਾਂ ਇਕ ਟਰੈਕਟਰ ਮਾਰਚ ਵੀ ਕੱਢਿਆ ਗਿਆ ਸੀ। ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਇਹ ਟਰੈਕਟਰ ਮਾਰਚ ਦੇਸ਼ ਭਰ ਦੇ 500 ਜ਼ਿਲਿ੍ਹਆਂ ਵਿਚ ਕੱਢਿਆ ਗਿਆ ਸੀ।

ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਇਕ ਪਿੰਡ ਵਿਚੋਂ ਕਈ ਕਈ ਟਰਾਲੀਆਂ ਅੰਦੋਲਨ ਲਈ ਨਿਕਲਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਵਾਰ ਪੀਐਮ ਮੋਦੀ ਪਹਿਲਾਂ ਨਾਲੋਂ ਤਕੜਾ ਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣੇ ਤੋਂ ਟਰਾਲੀਆਂ ਦੀ ਤਿਆਰੀ ਕਰੋ ਅਤੇ ਰਾਸ਼ਣ ਪਾਣੀ ਇਕੱਠਾ ਕਰੋ।

ਦੱਸ ਦਈਏ ਕਿ ਕਰੀਬ ਤਿੰਨ ਸਾਲ ਪਹਿਲਾਂ ਪਿਛਲੇ ਅੰਦੋਲਨ ਦੌਰਾਨ ਵੀ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸੂਬੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਰੋਸ ਧਰਨਾ ਦੇਣ ਲਈ ਖਨੌਰੀ ਬਾਰਡਰ ’ਤੇ ਪੁੱਜੇ ਸੀ, ਜਿੱਥੇ ਹਰਿਆਣਾ ਪੁਲਿਸ ਵੱਲੋਂ ਬਾਰਡਰ ਪੂਰੀ ਤਰ੍ਹਾਂ ਸੀਲ ਕਰਕੇ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਦੋ-ਤਿੰਨ ਦਿਨ ਤੱਕ ਰੋਕ ਕੇ ਰੱਖਿਆ ਗਿਆ ਸੀ ਪਰ ਆਖ਼ਰਕਾਰ 26 ਨਵੰਬਰ 2020 ਨੂੰ ਨੌਜਵਾਨ ਕਿਸਾਨਾਂ ਨੇ ਪੁਲਿਸ ਵੱਲੋਂ ਲਾਈਆਂ ਰੋਕਾਂ ਤੋੜ ਦਿੱਤੀਆਂ ਸੀ ਅਤੇ ਹਰਿਆਣਾ ਵਿੱਚ ਦਾਖ਼ਲ ਹੁੰਦਿਆਂ ਦਿੱਲੀ ਟਿੱਕਰੀ ਬਾਰਡਰ ’ਤੇ ਪਹੁੰਚ ਗਏ ਸੀ। ਫਿਲਹਾਲ ਕਿਸਾਨਾਂ ਵੱਲੋਂ ਕੂਚ ਕਰਨ ਦੀ ਪੂਰੀ ਤਿਆਰ ਐ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੀ, ਸੋ ਦੇਖਣਾ ਹੋਵੇਗਾ ਕਿ 13 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਕਰਨ ਵਿਚ ਕਾਮਯਾਬ ਹੁੰਦੇ ਨੇ ਜਾਂ ਨਹੀਂ।

Leave a Reply

Your email address will not be published. Required fields are marked *